ਪੰਜਾਬੀ ਸਾਹਿਤ ਸਭਾ (ਰਜਿ:), ਪਟਿਆਲਾ

Sunday, December 10, 2006

‘‘ਹੱਡ ਬੀਤੀ - ਜੱਗ ਬੀਤੀ" ਉੱਪਰ ਗੋਸ਼ਟੀ ਤੇ ਸਾਹਿੱਤਕ ਸਮਾਰੋਹ

ਕਾਰਵਾਈ ਰਿਪੋਰਟ


ਸਮਾਗਮ ਦੌਰਾਨ ਮੌਜੂਦ ਸਾਹਿਤਕਾਰ ਇੱਕ ਸਾਂਝੀ ਤਸਵੀਰ ਵਿੱਚ ਦਿਖਾਈ ਦੇ ਰਹੇ ਹਨ।

3 ਦਸੰਬਰ 2006, ਦਿਨ ਐਤਵਾਰ, ਨੂੰ ਪੰਜਾਬੀ ਸਾਹਿਤ ਸਭਾ (ਰਜਿ:) ਪਟਿਆਲਾ ਵੱਲੋਂ ਢੁਡਿਆਲ ਖਾਲਸਾ ਸੀ:ਸੈ: ਸਕੂਲ, ਖਾਲਸਾ ਮੁਹੱਲਾ, ਪਟਿਆਲਾ ਦੇ ਲੈਕਚਰ ਹਾਲ ਵਿੱਚ ‘‘ਹੱਡ ਬੀਤੀ - ਜੱਗ ਬੀਤੀ’’ ਉਪਰ ਗੋਸ਼ਟੀ ਤੇ ਸਾਹਿੱਤਕ ਸਮਾਰੋਹ ਆਯੋਜਿਤ ਕੀਤਾ ਗਿਆ। ਪ੍ਰਧਾਨ ਵਜੋਂ ਡਾ: ਹਰਜੀਤ ਸਿੰਘ ਸੱਧਰ, ਵਿਸ਼ੇਸ਼ ਮਹਿਮਾਨ ਡਾ: ਮਨਜੀਤ ਸਿੰਘ ਬੱਲ ਅਤੇ ਕੈਪਟਨ ਮਹਿੰਦਰ ਸਿੰਘ, ਸਭਾ ਦੇ ਪ੍ਰਧਾਨ ਪ੍ਰਿੰ: ਮੋਹਨ ਸਿੰਘ ਪ੍ਰੇਮ ਅਤੇ ਡਾ: ਦਰਸ਼ਨ ਸਿੰਘ ਆਸ਼ਟ ਪ੍ਰਧਾਨਗੀ ਮੰਡਲ ਵਿੱਚ ਸ਼ਸ਼ੋਭਿਤ ਹੋਏ।
ਪ੍ਰਿੰ: ਪ੍ਰੇਮ ਨੇ ਹਾਜ਼ਰ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦਿਆਂ ਦੱਸਿਆ ਕਿ ਪਿਛਲੇ ਮਹੀਨੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦੇ ਗੁਰਪੁਰਬ, ਭਾਸ਼ਾ ਵਿਭਾਗ ਦੇ ਪੰਜਾਬੀ ਸਪਤਾਹ ਅਤੇ ਨਿੱਜੀ ਕਾਰਨਾਂ ਕਰਕੇ ਮੀਟਿੰਗ ਨਹੀਂ ਹੋ ਸਕੀ ਸੀ । ਰਮੇਸ਼ ਕੁਮਾਰ ਦੇ ਬੰਸਰੀ ਵਾਦਨ ਨਾਲ ਪ੍ਰਾਰੰਭ ਹੋਇਆ। ਸ: ਹਰਪ੍ਰੀਤ ਸਿੰਘ ਰਾਣਾ ਨੇ ਉਪਰੋਕਤ ਪੁਸਤਕ ਤੇ ਪੇਪਰ ਪੜ੍ਹਿਆ। ਮੁਖਤਿਆਰ ਸਿੰਘ, ਸ੍ਰੀ ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਾਹਲ, ਪ੍ਰਿੰ: ਮੋਹਨ ਸਿੰਘ ਪ੍ਰੇਮ, ਅਮਰੀਕ ਸਿੰਘ ਝੱਜ ਨੇ ਭੱਖਵੀਂ ਬਹਿਸ ਵਿੱਚ ਹਿੱਸਾ ਲਿਆ ਅਤੇ ‘‘ਹੱਠ ਬੀਤੀ - ਜੱਗ ਬੀਤੀ’’ ਪੁਸਤਕ ਨੂੰ ਮਿੰਨੀ ਕਹਾਣੀਆਂ ਦੀ ਸਫ਼ਲ ਪੁਸਤਕ ਵਰਣਨ ਕੀਤਾ।
ਦੂਜੇ ਭਾਗ ਵਿੱਚ ਬਾਬੂ ਸਿੰਘ ਰੈਹਲ ਨੇ ਨਵੀਂ ਕਹਾਣੀ ‘‘ਚਾਨਣ ਦਾ ਕਤਲ" ਪੇਸ਼ ਕੀਤੀ ਜਿਸਨੂੰ ਹਾਜ਼ਰੀਨਾਂ ਵਲੋਂ ਬਹੁਤ ਸਲਾਹਿਆ ਗਿਆ। ਅਣਜੰਮੀਆਂ ਕੁੜੀਆਂ ਨੂੰ ਕਤਲ ਕਰਕੇ ਬਜ਼ੁਰਗ ਹੋਇਆਂ ਨੂੰ ਬੱਚਿਆਂ ਦੀ ਰੌਣਕ ਨੂੰ ਤਰਸਦੇ ਦਿਖਾਕੇ ਕਹਾਣੀਕਾਰ ਰੈਹਲ ਨੇ ਵਿਸ਼ੇ ਤੇ ਸ਼ੈਲੀ ਪੱਖਾਂ ਦੀ ਪੇਸ਼ਕਾਰੀ ਵਿੱਚ ਕਮਾਲ ਕਰ ਦਿੱਤੀ ਹੈ। ਮੈਡਮ ਜੌਹਰੀ, ਗੁਰਚਰਨ ਸਿੰਘ ਪੱਬਾਰਾਲੀ, ਗੁਰਚਰਨ ਸਿੰਘ ਚੌਹਾਨ, ਹਰਸ਼ਰਨ ਸ਼ਰੀਫ਼, ਪ੍ਰੋ. ਅਰਵਿੰਦਰ ਸਿੰਘ, ਬਲਜੀਤ ਸਿੰਘ ਭਲੂਰੀਆ, ਮਨਜੀਤ ਪੱਟੀ, ਭਾਗਵਿੰਦਰ ਸਿੰਘ ਦੇਵਗਨ, ਡਾ. ਮਨਜੀਤ ਸਿੰਘ ਬੱਲ, ਨਰਿੰਦਰ ਜੀਤ ਸਿੰਘ ਸੋਮਾ, ਕਵਲਦੀਪ ਸਿੰਘ ‘ਕੰਵਲ’, ਅਲਕਾ ਅਰੋੜਾ, ਡਾ. ਸੱਧਰ ਅਤੇ ਡਾ. ਆਸ਼ਟ ਨੇ ਆਪੋ ਆਪਣੀਆਂ ਮਿੰਨੀ ਕਹਾਣੀਆਂ, ਕਵਿਤਾਵਾਂ, ਗਜ਼ਲਾਂ, ਗੀਤ ਅਤੇ ਬਾਲ ਕਵਿਤਾ ਸੁਣਾ ਕੇ ਤਾੜੀਆਂ ਦੀ ਗੂੰਜ ਨਾਲ ਵਾਹ ਵਾਹ ਖਟੀ।
ਡਾ. ਹਰਜੀਤ ਸਿੰਘ ਸੱਧਰ ਨੇ ਪ੍ਰਧਾਨਗੀ ਭਾਸ਼ਣ ਵਿੱਚ ਸਮਾਗਮ ਵਿੱਚ ਹੋਈ ਸੰਪੂਰਨ ਗੋਸ਼ਟੀ, ਰੈਹਲ ਦੀ ਕਹਾਣੀ ਅਤੇ ਸਾਰੇ ਸਾਹਿਤਕਾਰ ਸੱਜਣਾਂ ਵੱਲੋਂ ਪੇਸ਼ ਕੀਤੀਆਂ ਗਈਆਂ ਰਚਨਾਵਾਂ ਦੀ ਦਾਦ ਦਿੱਤੀ ਅਤੇ ਸਮਾਗਮ ਨੂੰ ਗੁਣਾਤਮਕ ਪੱਧਰ ਤੋਂ ਇੱਕ ਸਫ਼ਲ ਸੈਮੀਨਾਰ ਦਸਿਆ। ਪ੍ਰਿੰ: ਪ੍ਰੇਮ ਨੇ ਸਭਨਾਂ ਦਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਡਾ. ਦਰਸ਼ਨ ਸਿੰਘ ਆਸ਼ਟ ਨੇ ਬਾਖੂਬੀ ਨਿਭਾਇਆ।

0 Comments:

Post a Comment

<< Home